Monday, 5 August 2019

ਜਨਰਲ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ  ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਜਨਰਲ ਕੈਟਾਗਰੀ ਲਈ ਮੌਜੂਦਾ ਮੌਕੇ 4 ਤੋਂ ਵਧਾ ਕੇ 6 ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਧਾ ਕੇ 9 ਮੌਕੇ ਜਦਕਿ ਅਨੁਸੂਚਿਤ ਜਾਤੀਆਂ ਦੀ ਕੈਟਾਗਰੀ ਦੇ ਵਿਦਿਆਰਥੀਆਂ ਲਈ ਅਣਗਿਣਤ ਮੌਕੇ ਕਰਨਾ ਸ਼ਾਮਲ ਹੈ। 

ਕੇਂਦਰੀ ਕਮਿਸ਼ਨ ਦੇ ਨਿਯਮਾਂ ਮੁਤਾਬਕ ਐੱਸ.ਸੀ. ਕੈਟਾਗਰੀ ਲਈ ਉਮਰ ਹੱਦ 42 ਸਾਲ ਹੋਵੇਗੀ ਜਦਕਿ ਜਨਰਲ ਕੈਟਾਗਰੀ ਅਤੇ ਪੱਛੜੀਆਂ ਸ਼੍ਰੇਣੀਆਂ/ਹੋਰ ਪੱਛੜੀਆਂ ਸ਼੍ਰੇਣੀਆਂ ਲਈ ਉਮਰ ਹੱਦ ਕ੍ਰਮਵਾਰ 37 ਸਾਲ ਅਤੇ 40 ਸਾਲ ਹੋਵੇਗੀ। ਇਸ ਦਾ ਐਲਾਨ ਅੱਜ ਇੱਥੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। 

ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਉਠਾਏ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਤਬਦੀਲੀ ਲਿਆਉਣ ਲਈ ਪਿਛਲੇ ਕੁਝ ਹਫ਼ਤਿਆਂ ਤੋਂ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਿਵਲ ਸੇਵਾਵਾਂ (ਸਾਂਝੇ ਮੁਕਾਬਲੇ ਦੀ ਪ੍ਰੀਖਿਆ ਰਾਹੀਂ ਨਿਯੁਕਤੀ) ਨਿਯਮਾਂਵਲੀ, 2009 ਅਨੁਸਾਰ ਪੀ.ਸੀ.ਐਸ. (ਕਾਰਜਕਾਰੀ ਸ਼ਾਖਾ) ਵਿਚ ਸਾਰੀਆਂ ਕੈਟੇਗਰੀਆਂ ਲਈ ਚਾਰ ਮੌਕੇ ਹਨ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਉਪਰੋਕਤ ਪ੍ਰੀਖਿਆ ਵਿੱਚ ਬੈਠਣ ਲਈ ਸਾਰੀਆਂ ਕੈਟਾਗਰੀਆਂ ਵਾਸਤੇ ਮੌਕਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਸੀ।

ਪੀ.ਏ.ਪੀ ਗਰਾਊਂਡ ਵਿਖੇ ਹੋਏ ਹਾਦਸੇ ਦੀ ਅਸਲੀਅਤ

ਜਲੰਧਰ- ਜਲੰਧਰ ਦੇ ਪੀ.ਏ.ਪੀ ਗਰਾਊਂਡ ਵਿੱਚ ਅੱਜ ਉਸ ਵੇਲੇ ਭਗਦੜ ਮੱਚ ਗਈ ਜਦੋਂ ਗਰਾਊਂਡ ਵਿੱਚ ਹਵਾਈ ਫੌਜ ਦੀ ਭਰਤੀ ਦੇਖਣ ਆਏ ਨੌਜਵਾਨਾਂ ਉੱਪਰ ਪੀ.ਏ.ਪੀ ਦੀ ਕੰਧ ਡਿੱਗ ਗਈ। ਹਾਦਸੇ ਵਿੱਚ 20 ਤੋਂ ਜਿਆਦਾ ਲੋਕ ਜਖਮੀ ਹੋ ਗਏ। ਇਹ ਵੀ ਖਬਰ ਵਾਇਰਲ ਹੋਈ ਹੈ ਕਿ ਜਖਮੀ ਹੋਣ ਦੇ ਨਾਲ ਨਾਲ 5 ਲੋਕਾਂ ਦੀ ਮੌਤ ਵੀ ਹੋ ਗਈ ਹੈ ਪਰ ਜੋ ਕਿ ਇੱਕ ਅਫਵਾਹ ਦੱਸੀ ਜਾ ਰਹੀ ਹੈ।

ਸ਼ੋਸ਼ਲ ਮੀਡੀਆ ਤੇ ਇਸ ਹਾਦਸੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿੱਚ ਦਸਿਆ ਗਿਆ ਹੈ ਕਿ 5 ਨੌਜਵਾਨਾਂ ਦੀ ਮੌਤ ਹੋ ਗਈ ਹੈ ਜਦਕਿ ਸਾਰੇ ਨੌਜਵਾਨ ਬਿਲਕੁਲ ਸੁਰੱਖਿਅਤ ਹਨ।
ਇਸ ਦਾ ਖੁਲਾਸਾ ਸਿਵਲ ਹਸਪਤਾਲ 'ਚ ਦੇ ਇੰਚਾਰਜ ਮਨਦੀਪ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਹਾਦਸੇ 'ਚ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀਆਂ ਦਾ ਇਲਾਜ ਕਰ ਦਿੱਤਾ ਗਿਆ ਹੈ ਅਤੇ ਇਸ ਹਾਦਸੇ 'ਚ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਕ ਅਫਵਾਹ ਫੈਲਾਈ ਜਾ ਰਹੀ ਹੈ। ਉਥੇ ਹੀ ਐੱਚ. ਐੱਸ. ਬਾਰਾਦਰੀ ਵਿਕਰਮ ਸਿੰਘ ਦਾ ਵੀ ਕਹਿਣਾ ਹੈ ਕਿ ਅਜੇ ਤੱਕ ਮਾਮਲੇ 'ਚ ਕਿਸੇ ਦੀ ਮੌਤ ਦੋ ਪੁਸ਼ਟੀ ਨਹੀਂ ਹੋਈ ਹੈ। 

​​​​​​​ਇੰਝ ਵਾਪਰਿਆ ਹਾਦਸਾ 
ਜ਼ਿਕਰਯੋਗ ਹੈ ਕਿ ਅੱਜ ਤੋਂ ਪੀ. ਏ. ਪੀ. ਗਰਾਊਂਡ 'ਚ ਹਵਾਈ ਫੌਜ 'ਚ ਭਰਤੀ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋਕਿ 8 ਅਗਸਤ ਤੱਕ ਜਾਰੀ ਰਹੇਗੀ। ਇਸੇ ਤਹਿਤ ਨੌਜਵਾਨ ਦੂਰ-ਦੂਰ ਤੋਂ ਭਰਤੀ ਹੋਣ ਲਈ ਇਥੇ ਕੱਲ੍ਹ ਤੋਂ ਆਉਣੇ ਸ਼ੁਰੂ ਹੋ ਗਏ ਸਨ ਪਰ ਜ਼ਿਲਾ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਅੱਜ ਸਵੇਰੇ ਭਰਤੀ ਦੇ ਪਹਿਲੇ ਹੀ ਦਿਨ ਉਸ ਸਮੇਂ ਖੁੱਲ੍ਹੀ ਜਦੋਂ ਇਥੇ ਨੌਜਵਾਨਾਂ 'ਤੇ ਪੀ. ਏ. ਪੀ. ਦੀ ਕੰਧ ਡਿੱਗ ਗਈ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਡਿੱਗਣ ਕਰਕੇ ਵੀ ਕੁਝ ਨੌਜਵਾਨਾਂ ਨੂੰ ਕਰੰਟ ਵੀ ਲੱਗ ਗਿਆ। ਇਸ ਹਾਦਸੇ 'ਚ 20 ਤੋਂ ਵੱਧ ਨੌਜਵਾਨ ਜ਼ਖਮੀ ਹੋਏ।
ਜ਼ਖਮੀਆਂ ਨੂੰ ਬਾਅਦ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ ਪਰ ਹੁਣ ਸਾਰਿਆਂ ਦੀ ਇਲਾਜ ਕਰ ਦਿੱਤਾ ਗਿਆ ਹੈ ਅਤੇ ਸਾਰੇ ਹੀ ਸੁਰੱਖਿਅਤ ਹਨ।

ਇਥੇ ਦੱਸ ਦੇਈਏ ਕਿ ਨੌਜਵਾਨਾਂ ਨੇ ਸਿਲੈਕਸ਼ਨ ਹੋਣ ਤੋਂ ਬਾਅਦ ਦੇਸ਼ ਦੀਆਂ ਸਰਹੱਦਾਂ 'ਤੇ ਪਹਿਰਾ ਦੇ ਕੇ ਦੇਸ਼ ਦੀ ਸੁਰੱਖਿਆ ਵੀ ਕਰਨੀ ਹੈ ਪਰ ਉਨ੍ਹਾਂ ਦੇ ਰਾਤ ਨੂੰ ਠਹਿਰਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਹਨ। ਇਸੇ ਕਰਕੇ ਨੌਜਵਾਨ ਸੜਕਾਂ 'ਤੇ ਰਾਤ ਕੱਟਣ ਨੂੰ ਮਜਬੂਰ ਹੋਏ ਪਏ ਹਨ। ​​​​​​​

ਧਾਰਾ 370 ਮੁੱਦੇ ਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਹੋਈ ਝੜਪ

ਚੰਡੀਗੜ੍ਹ: ਮੋਦੀ ਸਰਕਾਰ ਦੇ ਜੰਮੂ ਕਸ਼ਮੀਰ ਰਾਜ ਵਿਚੋਂ ਧਾਰਾ 370 ਨੂੰ ਖਤਮ ਕਰਨ ਦੇ ਮੁੱਦੇ ਤੇ ਸੋਮਵਾਰ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਦੁਪਹਿਰ ਦੇ ਸਮੇਂ ਸਟੂਡੈਂਟ ਫਾਰ ਸੁਸਾਇਟੀ (ਐੱਸ. ਐੱਫ. ਐੱਸ.) ਦੀ ਹਰਮਨ ਕਨੂੰਪ੍ਰਿਯਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ. ਬੀ. ਵੀ. ਪੀ.) ਦੇ ਕੁਲਦੀਪ ਪੰਘਾਲ ਵਿਚਕਾਰ ਬਹਿਸ ਹੋ ਗਈ, ਹਾਲਾਂਕਿ ਮੌਕੇ 'ਤੇ ਪੁੱਜੀ ਪੁਲਸ ਨੇ ਵਿਦਿਆਰਥੀਆਂ ਦਾ ਵਿੱਚ ਬਚਾਅ ਕੀਤਾ ਨਹੀਂ ਤਾਂ ਹੰਗਾਮਾ ਵਧ ਸਕਦਾ ਸੀ। ਐੱਸ. ਐੱਫ. ਐੱਸ. ਨਾਲ ਜੁੜੇ ਵਿਦਿਆਰਥੀ ਅਜੇ ਵੀ ਸਟੂਡੈਂਟ ਸੈਂਟਰ 'ਤੇ ਜੰਮੇ ਹੋਏ ਹਨ ਅਤੇ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ।






ਖਤਮ ਹੋਈ ਧਾਰਾ 370, ਬਦਲ ਗਿਆ ਜੰਮੂ ਕਸ਼ਮੀਰ

ਨਵੀਂ ਦਿੱਲੀ:-ਪੀ ਐਮ ਮੋਦੀ ਦੀ ਸਰਕਾਰ ਨੇ ਜੰਮੂ ਕਸ਼ਮੀਰ ਤੇ ਵੱਡਾ ਫੈਸਲਾ ਲਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2019 ਨੂੰ ਜੰਮੂ ਕਸ਼ਮੀਰ ਰਾਹ ਦੇ ਮੁੜਗਠਨ ਬਿੱਲ ਨੂੰ ਪੇਸ਼ ਕੀਤਾ। ਜਿਸਦੇ ਕਾਰਨ ਲਦਾਖ ਨੂੰ ਜੰਮੂ ਕਸ਼ਮੀਰ ਤੋਂ ਅਲੱਗ ਕਰ ਦਿੱਤਾ ਗਿਆ ਹੈ। ਜੰਮੂ ਕਸਮੀਰ ਨੂੰ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇ ਦਿੱਤਾ ਗਿਆ ਹੈ। ਲਦਾਖ ਨੂੰ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਹੈ ਪਰ ਉਥੇ ਵਿਧਾਨ ਸਭਾ ਨਹੀਂ ਹੋਏਗੀ ਜਦਕਿ ਜੰਮੂ ਕਸ਼ਮੀਰ ਵਿੱਚ ਦਿੱਲੀ ਦੀ ਤਰ੍ਹਾਂ ਵਿਧਾਨ ਸਭਾ ਹੋਏਗੀ। ਧਾਰਾ 370 ਦੇ ਖਤਮ ਹੋਣ ਨਾਲ ਦੇਸ਼ ਵਿੱਚ ਕਾਫੀ ਥਾਵਾਂ ਤੇ ਜਸ਼ਨ ਦਾ ਮਾਹੌਲ ਹੈ।






ਆਓ ਜਾਣਦੇ ਹਾਂ ਧਾਰਾ-370 ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਕੀ-ਕੀ ਬਦਲ ਜਾਵੇਗਾ।
* ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਖਤਮ।
* ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਦਾ ਕਾਰਜਕਾਲ 6 ਦੀ ਥਾਂ 5 ਸਾਲ ਦਾ ਹੋਵੇਗਾ।
* ਜੰਮੂ-ਕਸ਼ਮੀਰ 'ਚ ਹੁਣ ਵੱਖਰਾ ਝੰਡਾ ਨਹੀਂ ਹੋਵੇਗਾ। 
* ਇੱਥੇ ਆਰ.ਟੀ.ਆਈ ਅਤੇ ਸੀ. ਏ. ਜੀ ਵਰਗੇ ਕਾਨੂੰਨ ਲਾਗੂ ਹੋਣਗੇ।
* ਹੁਣ ਦੇਸ਼ ਦਾ ਕੋਈ ਵੀ ਨਾਗਰਿਕ ਜੰਮੂ-ਕਸ਼ਮੀਰ 'ਚ ਜ਼ਮੀਨ ਖਰੀਦ ਸਕੇਗਾ।
* ਜੰਮੂ-ਕਸ਼ਮੀਰ ਵਿਚ ਧਾਰਾ-370 ਦਾ ਸਿਰਫ ਇਕ ਹਿੱਸਾ ਰਹੇਗਾ। 
* ਜੰਮੂ-ਕਸ਼ਮੀਰ 'ਚ ਦੋਹਰੀ ਨਾਗਰਿਕਤਾ ਨੂੰ ਖਤਮ ਕੀਤਾ ਗਿਆ।
* ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨ ਕੀਤਾ ਗਿਆ। 
* ਰਾਸ਼ਟਰੀ ਝੰਡੇ ਦਾ ਅਪਮਾਨ ਅਪਰਾਧ ਮੰਨਿਆ ਜਾਵੇਗਾ। 
* ਕੁੱਲ ਮਿਲਾ ਕੇ ਧਾਰਾ-370 ਦੇ ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਅਧਿਕਾਰ ਪੂਰੀ ਤਰ੍ਹਾਂ ਖਤਮ।